ਰਸੋਈ ਗੈਸ ਫਿਰ ਹੋਈ ਮਹਿੰਗੀ

ਰਸੋਈ ਗੈਸ ਫਿਰ ਹੋਈ ਮਹਿੰਗੀ

ਦੇਸ਼ ਵਿਚ ਆਮ ਜਨਤਾ ਦੀਨੋ ਦਿਨ ਵੱਧ ਰਹੀਆਂ ਪੈਟ੍ਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਮਾਰ ਝੇਲ ਰਹੀ ਹੈ ਹੁਣ ਗੈਸ ਕੰਪਨੀਆਂ ਵੱਲੋਂ ਫਿਰ ਇਕ ਵਾਰ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿਚ 50 ਰੁ. ਦਾ ਵਾਧਾ ਕਰਕੇ ਆਮ ਜਨਤਾ ਨੂੰ ਮਹਿੰਗਾਈ ਦੀ ਭੱਠੀ ਵਿਚ ਝੋਕ ਦਿੱਤਾ ਗਿਆ ਹੈ। ਪਿਛਲੇ ਸਿਰਫ 10 ਦਿਨਾਂ ਵਿਚ ਹੀ ਗੈਸ ਦੀਆਂ ਕੀਮਤਾਂ ਵਿਚ 75 ਰੁ. ਦੀ ਤੇਜ਼ੀ ਨਾਲ ਇਸ ਅੰਕੜੇ ਨੇ 175 ਰੁ. ਦੀ ਉੱਚੀ ਛਾਲ ਲਗਾਈ ਹੈ, ਜੋ ਕਿ ਕੋਰੋਨਾ ਵਰਗੀ ਮਹਾਮਾਰੀ ਨਾਲ ਜੂਝ ਰਹੀ ਜਨਤਾ 'ਤੇ ਦੋਹਰੀ ਮਾਰ ਪਈ ਹੈ। ਜਿਸ ਕਾਰਨ ਲੋਕ ਕੇਂਦਰ ਦੀ ਮੋਦੀ ਸਰਕਾਰ ਨੂੰ ਕੋਸ ਰਹੇ ਹਨ। ਨਾਲ ਹੀ ਵਿਰੋਧੀ ਦਲਾਂ ਦੇ ਨੇਤਾਵਾਂ ਨੇ ਵੀ ਕੇੰਦਰ ਸਰਕਾਰ ਨੂੰ ਮਹਿੰਗਾਈ ਦੇ ਮੁੱਦੇ ਤੇ ਘੇਰਦੇ ਹੋਏ ਸਰਕਾਰ ਦੀਆਂ ਨੀਤੀਆਂ ਨੂੰ ਕਰਾਰ ਦਿੱਤਾ ਹੈ | ਉੱਥੇ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਜੋ ਵਾਧਾ ਹੋਇਆ ਹੈ ਉਹ ਅੰਤਰਰਾਸ਼ਟਰੀ ਮਾਰਕੀਟ ਵਿਚ ਕੱਚੇ ਤੇਲ ਦੀ ਕੀਮਤ ਵਧਣ ਕਾਰਨ ਹੋਇਆ ਹੈ |

ਹਰ ਮਹੀਨੇ ਦੀ 1 ਤਰੀਕ ਨੂੰ ਐਲ.ਪੀ.ਜੀ. ਦੇ ਰੇਟਾਂ ਵਿਚ ਬਦਲਾਵ ਹੁੰਦਾ ਹੈ | ਇਸ ਵਾਰ 1 ਫਰਵਰੀ ਨੂੰ ਕਮਰਸ਼ੀਅਲ ਸਿਲੰਡਰ ਦੇ ਦਾਮ 190 ਰੁ: ਵੱਧ ਗਏ ਸੀ ਪਰ ਘਰੇਲੂ ਗੈਸ ਦੀਆਂ ਕੀਮਤਾਂ ਵਿਚ ਕੋਈ ਬਦਲਾਵ ਨਹੀਂ ਕੀਤਾ ਗਿਆ ਸੀ ਪਰ 4 ਫਰਵਰੀ ਨੂੰ ਕਮਰਸ਼ੀਅਲ ਸਿਲੰਡਰ ਦੇ ਦਾਮ 6 ਰੁ: ਪ੍ਰਤੀ ਸਿਲੰਡਰ ਘੱਟ ਹੋ ਗਿਆ ਸੀ | 

 

ਗੈਸ ਅਤੇ ਤੇਲ ਦੀਆਂ ਕੀਮਤਾਂ ਵਧਣ ਨਾਲ ਹਰ ਵਿਅਕਤੀ ਦੇ ਰਸੋਈ ਘਰ ਦਾ ਬਜਟ ਤੇਜ਼ੀ ਨਾਲ ਪ੍ਰਭਾਵਿਤ ਹੋਣਾ ਲਾਜ਼ਮੀ ਹੈ, ਜਿਸ ਦੀ ਸਭ ਤੋਂ ਵੱਡੀ ਮਾਰ ਨੌਕਰੀ ਪੇਸ਼ਾ ਪਰਿਵਾਰਾਂ ਦੇ ਸਿਰ 'ਤੇ ਪੈਂਦੀ ਹੈ ਕਿਉਂਕਿ ਉਸ ਦੀ ਤਨਖਾਹ ਇਕ ਤੈਅ ਰਾਸ਼ੀ ਵਿਚ ਹੋਣ ਕਾਰਨ ਰਾਸ਼ਨ, ਬੱਚਿਆਂ ਦੀ ਸਕੂਲ ਫੀਸ, ਮਕਾਨ ਦਾ ਕਿਰਾਇਆ ਆਦਿ ਸਭ ਕੁਝ ਪਹਿਲਾਂ ਤੋਂ ਹੀ ਤੈਅ ਰਹਿੰਦਾ ਹੈ। ਮਹਿੰਗਾਈ ਦੇ ਬੋਝ ਕਾਰਨ ਲੋਕ ਲਗਾਤਾਰ ਦੱਬਦੇ ਚਲੇ ਜਾ ਰਹੇ ਹਨ।